ਅਜਿਹਾ ਸ਼ਾਨਦਾਰ ਤਾਜ ਜੋ ਸਿਰਫ਼ ਇੱਕ ਵਾਰ ਹੀ ਪਹਿਨਿਆ ਜਾਵੇਗਾ

6 ਮਈ ਨੂੰ ਦੁਪਹਿਰ ਨੂੰ ਇਤਿਹਾਸਕ ਸੇਂਟ ਐਡਵਰਡ ਦਾ ਤਾਜ ਇੱਕ ਸਦੀਆਂ ਪੁਰਾਣੀ ਤਾਜਪੋਸ਼ੀ ਰਸਮ ਦੇ ਹਿੱਸੇ ਵਜੋਂ ਕਿੰਗ ਚਾਰਲਸ III ਦੇ ਸਿਰ ’ਤੇ ਪਹਿਨਾਇਆ ਜਾਵੇਗਾ। ਪਰ ਉਹ ਇਸ ਤਾਜ ਨੂੰ ਇੱਕ ਘੰਟੇ ਤੋਂ ਵੀ ਘੱਟ ਸਮੇਂ ਲਈ ਪਹਿਨਣਗੇ ਅਤੇ ਇਸ ਨੂੰ ਦੁਬਾਰਾ ਕਦੇ ਨਹੀਂ ਪਹਿਨਣਗੇ।

ਆਉ ਇਸ ਵਿਲੱਖਣ ਤਾਜ ਅਤੇ ਇਸ ਦੀ ਭੂਮਿਕਾ 'ਤੇ ਗਹਿਰਾਈ ਨਾਲ ਨਜ਼ਰ ਮਾਰੀਏ।

ਹਾਲਾਂਕਿ, ਚਾਰਲਸ ਆਪਣੀ ਮਾਂ ਦੀ ਮੌਤ ਤੋਂ ਤੁਰੰਤ ਬਾਅਦ ਰਾਜਾ ਬਣ ਗਏ, ਪਰ ਤਾਜਪੋਸ਼ੀ ਇੱਕ ਪ੍ਰਾਚੀਨ ਰੀਤ ਹੈ ਜੋ ਉਨ੍ਹਾਂ ਦੇ ਰਾਜ ਦੀ ਸ਼ੁਰੂਆਤ ਦਾ ਪ੍ਰਤੀਕ ਹੈ।

ਅਤੇ ਇਹ ਅਨਮੋਲ ਸੇਂਟ ਐਡਵਰਡ ਦੇ ਤਾਜ ਦੀ ਇੱਕ ਦੁਰਲੱਭ ਝਲਕ ਹੋਵੇਗੀ ਜੋ ਸਿਰਫ਼ ਤਾਜਪੋਸ਼ੀ ਦੇ ਦੌਰਾਨ ਹੀ ਪਹਿਨਿਆ ਜਾਂਦਾ ਹੈ।

ਠੋਸ 22-ਕੈਰੇਟ ਸੋਨੇ ਦਾ ਬਣਿਆ, 360 ਸਾਲ ਪੁਰਾਣਾ ਤਾਜ 30 ਸੈਂਟੀਮੀਟਰ (1 ਫੁੱਟ) ਤੋਂ ਵੱਧ ਲੰਬਾ ਹੈ ਅਤੇ ਇਹ ਬਹੁਤ ਭਾਰੀ ਹੈ, ਜਿਸ ਦਾ ਭਾਰ ਲਗਭਗ 2.23 ਕਿਲੋਗ੍ਰਾਮ ਹੈ। ਇਹ ਦੋ ਅਨਾਨਾਸ, ਇੱਕ ਵੱਡਾ ਤਰਬੂਜ ਜਾਂ ਦੋ-ਲੀਟਰ ਪਾਣੀ ਦੀਆਂ ਬੋਤਲਾਂ ਦੇ ਬਰਾਬਰ ਹੈ।

ਸੇਂਟ ਐਡਵਰਡ ਦਾ ਤਾਜ ਪਹਿਨੀ ਮਹਾਰਾਣੀ ਐਲਿਜ਼ਾਬੈਥ II ਦੀ ਤਸਵੀਰ

ਸੇਂਟ ਐਡਵਰਡਜ਼ ਤਾਜ ਆਖਰੀ ਵਾਰ ਮਹਾਰਾਣੀ ਐਲਿਜ਼ਾਬੈਥ II ਦੁਆਰਾ 1953 ਵਿੱਚ ਉਨ੍ਹਾਂ ਦੀ ਤਾਜਪੋਸ਼ੀ ਵੇਲੇ ਪਹਿਨਿਆ ਗਿਆ ਸੀ - ਅਤੇ ਇਸ ਤੋਂ ਬਾਅਦ ਦੇ 70 ਸਾਲਾਂ ਵਿੱਚ ਇਹ ਸ਼ਾਇਦ ਦੀ ਕਦੇ ਟਾਵਰ ਆਫ ਲੰਡਨ ਤੋਂ ਬਾਹਰ ਨਿਕਲਿਆ ਹੋਵੇ।

ਕਈ ਸਾਲਾਂ ਬਾਅਦ ਇੱਕ ਦਸਤਾਵੇਜ਼ੀ ਫਿਲਮ ਦੇ ਸਿਲਸਿਲੇ ਲਈ ਤਾਜ ਨੂੰ ਮੁੜ ਤੋਂ ਦੇਖਣ ’ਤੇ ਰਾਣੀ ਨੇ ਪੁੱਛਿਆ, ‘‘ਕੀ ਇਹ ਅਜੇ ਵੀ ਭਾਰੀ ਹੈ?’’ ਅਤੇ ਇਸ ਨੂੰ ਚੁੱਕਣ ’ਤੇ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਓਨਾ ਹੀ ਭਾਰੀ ਹੈ ਜਿੰਨਾ ਉਨ੍ਹਾਂ ਨੂੰ ਯਾਦ ਸੀ।

ਇਹ ਬਹੁਤ ਭਾਰਾ ਹੈ

ਮਹਾਰਾਣੀ ਐਲਿਜ਼ਾਬੈਥ II

ਤਾਜ ਵਿੱਚ ਮਹਿੰਗੇ ਨੀਲਮ, ਰੂਬੀ, ਐਮਥਿਸਟਸ ਅਤੇ ਪੁਖਰਾਜ ਸਮੇਤ 444 ਗਹਿਣੇ ਅਤੇ ਰਤਨ ਹਨ। ਹਾਲਾਂਕਿ, ਜ਼ਿਆਦਾਤਰ ਹਲਕੇ ਨੀਲੇ ਜਾਂ ਨੀਲੇ ਹਰੇ ਐਕੁਆਮਰੀਨ ਹਨ। ਉਹ ਮੀਨਾਕਾਰੀ ਅਤੇ ਸੋਨੇ ਵਿੱਚ ਜੜੇ ਹੋਏ ਹਨ।

ਤਾਜ ਵਿਚਲੇ ਰਤਨ ਹਟਾਉਣ ਯੋਗ ਹੁੰਦੇ ਸਨ ਅਤੇ ਵਿਸ਼ੇਸ਼ ਤੌਰ 'ਤੇ ਤਾਜਪੋਸ਼ੀ ਲਈ ਹੀ ਕਿਰਾਏ ’ਤੇ ਲਏ ਜਾਂਦੇ ਸਨ।

ਇਹ 20ਵੀਂ ਸਦੀ ਤੱਕ ਨਹੀਂ ਸਨ ਕਿਉਂਕਿ ਉਹ ਪੱਕੇ ਤੌਰ 'ਤੇ ਤਾਜ ਵਿੱਚ ਜੜ ਦਿੱਤੇ ਗਏ ਸਨ।

ਰਾਜ ਦੇ ਤਾਜ ਸਮੇਤ ਨਵੇਂ ਸ਼ਾਹੀ ਚਿੰਨ੍ਹਾਂ ਦੇ ਨਾਲ ਚਾਰਲਸ II

ਇਹ ਤਾਜ 1661 ਵਿੱਚ ਚਾਰਲਸ II ਲਈ ਬਣਾਇਆ ਗਿਆ ਸੀ। ਇਸ ਦਾ ਨਾਮ ਐਂਗਲੋ-ਸੈਕਸਨ ਰਾਜਾ ਅਤੇ ਸੰਤ, ਐਡਵਰਡ ਦਿ ਕਨਫੇਸਰ ਨਾਲ ਸਬੰਧਿਤ ਇੱਕ ਬਹੁਤ ਪੁਰਾਣੇ ਸੰਸਕਰਣ ਦੇ ਨਾਮ ਉੱਤੇ ਰੱਖਿਆ ਗਿਆ ਹੈ। ਉਨ੍ਹਾਂ ਨੂੰ 11ਵੀਂ ਸਦੀ ਦੀ ਮਸ਼ਹੂਰ ਬੇਯਹ ਟੇਪੇਸਟ੍ਰੀ ਵਿੱਚ ਇੱਕ ਤਾਜ ਪਹਿਨੇ ਹੋਏ ਦਿਖਾਇਆ ਗਿਆ ਸੀ।

ਕਿਹਾ ਜਾਂਦਾ ਹੈ ਕਿ ਐਡਵਰਡ ਦੇ ਤਾਜ ਨੂੰ ਉਨ੍ਹਾਂ ਦੀ ਮੌਤ ਤੋਂ ਲੰਬੇ ਸਮੇਂ ਬਾਅਦ ਇੱਕ ਪਵਿੱਤਰ ਨਿਸ਼ਾਨੀ ਮੰਨਿਆ ਜਾਂਦਾ ਹੈ। ਜਿਸ ਦਾ ਉਪਯੋਗ 1220 ਵਿੱਚ ਹੈਨਰੀ III ਦੀ ਤਾਜਪੋਸ਼ੀ ਅਤੇ ਬਾਅਦ ਦੇ ਰਾਜਿਆਂ ਅਤੇ ਰਾਣੀਆਂ ਦੀ ਤਾਜਪੋਸ਼ੀ ਸਮੇਂ ਕੀਤਾ ਗਿਆ ਸੀ।

ਪਰ ਕਿੰਗ ਚਾਰਲਸ ਪਹਿਲੇ ਨੂੰ ਮਾਰਨ ਤੋਂ ਬਾਅਦ 1600 ਦੇ ਦਹਾਕੇ ਵਿੱਚ ਓਲੀਵਰ ਕ੍ਰੋਮਵੈਲ ਦੇ ਸੰਸਦ ਮੈਂਬਰਾਂ ਦੁਆਰਾ ਇਸ ਨੂੰ ਹੋਰ ਸ਼ਾਹੀ ਚਿੰਨ੍ਹਾਂ ਨਾਲ ਪਿਘਲਾ ਦਿੱਤਾ ਗਿਆ ਸੀ।

ਕ੍ਰੋਮਵੈਲ ਦੀ ਮੌਤ ਤੋਂ ਬਾਅਦ ਸ਼ਾਹੀ ਵਿਵਸਥਾ ਵਾਪਸ ਆਉਣ ਦੇ ਬਾਅਦ ਕਿੰਗ ਚਾਰਲਸ II ਨੇ ਰਤਨਾਂ ਨਾਲ ਜੜਿਆ ਇੱਕ ਨਵਾਂ ਸੈੱਟ ਤਿਆਰ ਕਰਵਾਇਆ। ਜਿਸ ਵਿੱਚ ਸੇਂਟ ਐਡਵਰਡਜ਼ ਦਾ ਤਾਜ ਅਤੇ ਇੱਕ ਨਵਾਂ ਤਾਜ ਸ਼ਾਮਲ ਸੀ। (ਜਿਸ ਨੂੰ ਉੱਪਰ ਦੀ ਤਸਵੀਰ ਵਿੱਚ ਪਹਿਨੇ ਹੋਏ ਦਿਖਾਇਆ ਗਿਆ ਹੈ)

ਮੰਨਿਆ ਜਾਂਦਾ ਹੈ ਕਿ ਐਡਵਰਡ ਦੇ ਤਾਜ ਵਿੱਚ ਬਹੁਤ ਘੱਟ ਰਤਨ ਸਨ। ਪਰ ਚਾਰਲਸ II ਦੇ ਤਾਜ ਵਿੱਚ ਹੀਰੇ ਅਤੇ ਰੰਗੀਨ ਰਤਨ ਸਨ ਜਿਨ੍ਹਾਂ ਨੂੰ ਕਰਾਊਨ ਜਵੈਲਜ਼ ਇਤਿਹਾਸਕਾਰ ਐਨਾ ਕੇ ਦੇ ਅਨੁਸਾਰ ਖਾਸ ਤੌਰ 'ਤੇ ਪ੍ਰਾਈਵੇਟ ਬੈਂਕਰ ਅਤੇ ਸੁਨਿਆਰੇ ਰੌਬਰਟ ਵਾਇਨਰ ਤੋਂ 500 ਪੌਂਡ ਦੀ ਸ਼ਾਹੀ ਰਕਮ 'ਤੇ ਕਿਰਾਏ 'ਤੇ ਲਿਆ ਗਿਆ ਸੀ।

ਤਾਜ ਦੇ ਬੈਂਡ ਵਿੱਚ ਚਾਰ ਕਰਾਸ ਅਤੇ ਲਿੱਲੀ ਦੇ ਫੁੱਲ ਅਤੇ ਦੋ ਗੁਬੰਦ ਕੇਂਦਰ ਵਿੱਚ ਮਿਲਦੇ ਹਨ।

ਇਹ ਗੁਬੰਦ ਛੋਟੇ ਸੋਨੇ ਦੇ ਮੋਤੀਆਂ ਨਾਲ ਢਕੇ ਹੁੰਦੇ ਹਨ ਜੋ ਨਕਲੀ ਮੋਤੀਆਂ ਦੀਆਂ ਪਹਿਲੀਆਂ ਕਤਾਰਾਂ ਨੂੰ ਢਕ ਲੈਂਦੇ ਹਨ।

ਤਾਜ ਦੇ ਸਿਖਰ ’ਤੇ ਲਟਕਦੇ ਮੋਤੀਆਂ ਨਾਲ ਇੱਕ ਰਤਨਾਂ ਨਾਲ ਜੜਿਆ ਹੋਇਆ ਕਰਾਸ ਹੈ ਅਤੇ ਇੱਕ ‘‘ਮੋਂਡ’’ ਹੈ ਜੋ ਰਾਜੇ ਦੇ ਰਾਜ ਦੀ ਪ੍ਰਤੀਨਿਧਤਾ ਕਰਦਾ ਹੈ।

ਹਾਲਾਂਕਿ, ਇਸ ਨੂੰ 1661 ਵਿੱਚ ਬਣਾਇਆ ਗਿਆ ਸੀ, ਪਰ ਚਾਰਲਸ, ਸੇਂਟ ਐਡਵਰਡ ਦਾ ਤਾਜ ਪਹਿਨਣ ਵਾਲਾ ਸਿਰਫ਼ ਸੱਤਵਾਂ ਰਾਜਾ ਹੋਵੇਗਾ।

ਇਸ ਲਈ ਅੰਸ਼ਕ ਤੌਰ 'ਤੇ ਇਹ ਹੀ ਕਾਰਨ ਹੈ ਕਿ ਇਹ ਰਾਜ ਦੀ ਸੰਸਦ ਦੇ ਉਦਘਾਟਨ ਵਰਗੇ ਮੌਕਿਆਂ ਲਈ ਰਾਜਿਆਂ ਅਤੇ ਰਾਣੀਆਂ ਦੁਆਰਾ ਨਿਯਮਤ ਤੌਰ 'ਤੇ ਬਦਲੇ ਗਏ ਰਾਜ ਦੇ ਤਾਜਾਂ ਦੇ ਮੁਕਾਬਲੇ ਲੰਬੇ ਸਮੇਂ ਤੱਕ ਬਚਿਆ ਰਿਹਾ ਹੈ।

ਕਿੰਗ ਚਾਰਲਸ III ਸੇਂਟ ਐਡਵਰਡ ਦਾ ਤਾਜ ਪਹਿਨਣ ਵਾਲੇ ਸੱਤਵੇਂ ਰਾਜੇ ਹੋਣਗੇ

ਚਾਰਲਸ II ਦੇ ਉੱਤਰਾਧਿਕਾਰੀ ਜੇਮਜ਼ II ਅਤੇ ਵਿਲੀਅਮ III ਦੋਵਾਂ ਨੂੰ ਸੇਂਟ ਐਡਵਰਡ ਦਾ ਤਾਜ ਪਹਿਨਾਇਆ ਗਿਆ ਸੀ। ਪਰ ਜਿਵੇਂ ਜਿਵੇਂ ਸ਼ਾਹੀ ਸਵਾਦ ਅਤੇ ਫੈਸ਼ਨ ਬਦਲਦੇ ਗਏ, ਇਸ ਨੂੰ 200 ਤੋਂ ਵੱਧ ਸਾਲਾਂ ਤੱਕ ਤਾਜਪੋਸ਼ੀ ਵਿੱਚ ਦੁਬਾਰਾ ਨਹੀਂ ਪਹਿਨਿਆ ਗਿਆ ਸੀ। ਹਾਲਾਂਕਿ, ਇਹ ਸ਼ਾਹੀ ਪ੍ਰਦਰਸ਼ਨ ਦੇ ਹਿੱਸੇ ਵਜੋਂ ਕਈ ਸਮਾਰੋਹਾਂ ਵਿੱਚ ਦਿਖਾਈ ਦਿੱਤਾ।

ਕਿੰਗ ਐਡਵਰਡ ਸੱਤਵੇਂ ਨੇ 1902 ਵਿੱਚ ਇਸ ਨੂੰ ਆਪਣੇ ਲਈ ਪਹਿਨਣ ਦੀ ਯੋਜਨਾ ਬਣਾਈ ਸੀ ਅਤੇ ਤਾਜ ਨੂੰ ਖਾਸ ਤੌਰ 'ਤੇ ਨਵਿਆਇਆ ਵੀ ਗਿਆ ਸੀ, ਪਰ ਉਹ ਤਾਜਪੋਸ਼ੀ ਤੋਂ ਪਹਿਲਾਂ ਬਿਮਾਰ ਹੋ ਗਏ ਅਤੇ ਇਸ ਦੀ ਬਜਾਏ ਉਨ੍ਹਾਂ ਨੂੰ ਹਲਕਾ ਰਾਜ ਤਾਜ ਪਹਿਨਾਇਆ ਗਿਆ ਸੀ।

ਐਡਵਰਡ ਸੱਤਵੇਂ ਤੋਂ ਅਗਵਾਈ ਲੈਂਦਿਆਂ, ਜਾਰਜ ਪੰਜਵੇਂ ਨੇ ਵੀ ਤਾਜ ਪਹਿਨਣ ਦਾ ਫੈਸਲਾ ਕੀਤਾ, ਤਾਜ ਵਿੱਚ ਰਤਨਾਂ ਨੂੰ ਸਥਾਈ ਤੌਰ ’ਤੇ ਜੜਿਆ ਗਿਆ, ਜਿਸ ਵਿੱਚ ਦਰਜਨਾਂ ਐਕੁਆਮਰੀਨ ਵੀ ਸ਼ਾਮਲ ਸਨ।

ਰਤਨਾਂ ਦੇ ਮਾਹਿਰ ਕਿਮ ਰਿਕਸ ਦਾ ਕਹਿਣਾ ਹੈ ਕਿ ਉਹ ਅਸਲ ਤਾਜ 'ਤੇ ਨਹੀਂ ਹੁੰਦੇ, ਪਰ ਸਦੀ ਦੇ ਅੰਤ ਵਿੱਚ ਫੈਬਰਗੇ ਵਰਗੇ ਰਾਇਲਟੀ ਅਤੇ ਸ਼ਾਹੀ ਜੌਹਰੀਆਂ ਵਿਚਕਾਰ ਹਰਮਨਪਿਆਰੇ ਸਨ।

ਜਾਰਜ ਛੇਵੇਂ ਨੇ ਇਸ ਨੂੰ ਪਹਿਨਿਆ ਅਤੇ ਅੰਤ ਵਿੱਚ, ਮਹਾਰਾਣੀ ਐਲਿਜ਼ਾਬੈਥ II ਇਸ ਤਾਜ ਨੂੰ ਪਹਿਨਣ ਵਾਲੀ ਆਖਰੀ ਵਿਅਕਤੀ ਸੀ।

ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇਹ ਅੱਗੇ ਅਤੇ ਪਿੱਛੇ ਤੋਂ ਲਗਭਗ ਸਮਾਨ ਹਨ।

ਬੈਂਡ ਦੇ ਆਲੇ ਦੁਆਲੇ ਦਾ ਪਤਲਾ ਹਿੱਸਾ ਇਰਮਾਇਨ ਤੋਂ ਬਣਿਆ ਹੈ, ਇਹ ਇੱਕ ਕਿਸਮ ਦਾ ਚਿੱਟਾ ਸਟੋਟ ਹੈ ਜਿਸ ਦੀ ਪੂਛ ’ਤੇ ਕਾਲਾ ਸਿਰਾ ਹੁੰਦਾ ਹੈ। ਇਸ ਦੀ ਫਰ ਲੰਬੇ ਸਮੇਂ ਤੋਂ ਕੁਲੀਨ ਲੋਕਾਂ ਵਿੱਚ ਅਹਿਮ ਸਥਿਤੀ ਦਾ ਪ੍ਰਤੀਕ ਰਹੀ ਹੈ।

ਤਾਜ ਦੇ ਪਿਛਲੇ ਅਤੇ ਅਗਲੇ ਭਾਗ ਨੂੰ ਦੱਸਣ ਦਾ ਸਭ ਤੋਂ ਆਸਾਨ ਤਰੀਕਾ ਅਲੱਗ-ਅਲੱਗ ਰੰਗਾਂ ਦੇ ਰਤਨ ਹਨ, ਪਰ ਇਸ ਨੇ ਅਤੀਤ ਵਿੱਚ ਉਲਝਣ ਪੈਦਾ ਕੀਤੀ ਹੈ।

ਜਾਰਜ VI ਦੀ ਤਾਜਪੋਸ਼ੀ

ਕਿਹਾ ਜਾਂਦਾ ਹੈ ਕਿ ਮਹਾਰਾਣੀ ਦੇ ਪਿਤਾ ਜਾਰਜ VI ਦੀ ਤਾਜਪੋਸ਼ੀ ਤੋਂ ਪਹਿਲਾਂ, ਇੱਕ ਲਾਲ ਸੂਤੀ ਧਾਗਾ ਤਾਜ ’ਤੇ ਬੰਨ੍ਹਿਆ ਗਿਆ ਸੀ ਤਾਂ ਜੋ ਤਾਜ ਦੇ ਅਗਲੇ ਅਤੇ ਪਿਛਲੇ ਹਿੱਸੇ ਦੀ ਪਛਾਣ ਕਰਨਾ ਆਸਾਨ ਹੋ ਸਕੇ, ਪਰ ਸਮਾਰੋਹ ਤੋਂ ਪਹਿਲਾਂ ਇਸ ਨੂੰ ਗਲਤੀ ਨਾਲ ਹਟਾ ਦਿੱਤਾ ਗਿਆ।

ਰਾਜੇ ਨੇ ਬਾਅਦ ਵਿੱਚ ਲਿਖਿਆ: ‘‘ਮੈਂ ਹਰ ਸਾਵਧਾਨੀ ਵਰਤੀ ਸੀ ਕਿਉਂਕਿ ਮੈਂ ਸੋਚਿਆ ਸੀ ਕਿ ਤਾਜ ਨੂੰ ਸਹੀ ਢੰਗ ਨਾਲ ਰੱਖਿਆ ਗਿਆ ਹੈ, ਪਰ ਡੀਨ ਅਤੇ ਆਰਚਬਿਸ਼ਪ ਇਸ ਨਾਲ ਅਜਿਹਾ ਕਰ ਰਹੇ ਸਨ ਕਿ ਮੈਨੂੰ ਕਦੇ ਵੀ ਪਤਾ ਨਹੀਂ ਸੀ ਕਿ ਇਹ ਸਹੀ ਸੀ ਜਾਂ ਨਹੀਂ।’’

ਹਾਲਾਂਕਿ, ਇਹ ਜਨਤਕ ਤੌਰ 'ਤੇ ਸ਼ਾਇਦ ਹੀ ਕਦੇ ਦੇਖਿਆ ਜਾਂਦਾ ਹੈ, ਪਰ ਫਿਰ ਵੀ ਤਾਜ ਜਾਣਿਆ-ਪਛਾਣਿਆ ਲੱਗ ਸਕਦਾ ਹੈ।

ਪਾਸਪੋਰਟ ਦੀ ਤਸਵੀਰ

ਤੁਸੀਂ ਬ੍ਰਿਟਿਸ਼ ਪਾਸਪੋਰਟਾਂ 'ਤੇ ਜਾਂ ਲੈਟਰ ਬਾਕਸਾਂ ਅਤੇ ਵੈਨਾਂ 'ਤੇ ਦਿਖਾਈ ਦੇਣ ਵਾਲੇ ਰੌਇਲ ਮੇਲ ਲੋਗੋ ਤੋਂ ਇਸ ਦੀ ਵਿਲੱਖਣ ਆਊਟਲਾਈਨ ਦੇ ਇੱਕ ਸ਼ੈਲੀਗਤ ਸੰਸਕਰਣ ਨੂੰ ਪਛਾਣ ਸਕਦੇ ਹੋ।

ਜਦੋਂ ਕਿ ਮਹਾਰਾਣੀ ਐਲਿਜ਼ਾਬੈਥ II ਨੇ ਸੇਂਟ ਐਡਵਰਡਜ਼ ਦੇ ਤਾਜ ਨੂੰ ਇੱਕ ਸ਼ਾਹੀ ਪ੍ਰਤੀਕ ਵਜੋਂ ਮੋਹਰੀ ਬਣਾਇਆ, ਕਾਲਜ ਆਫ਼ ਆਰਮਜ਼ ਦੇ ਅਨੁਸਾਰ, ਕਿੰਗ ਚਾਰਲਸ ਦੇ ਨਵੇਂ ਲੋਗੋ ਜਾਂ ਸਾਈਫਰ 'ਤੇ ਤਾਜ ਟੂਡਰ ਕ੍ਰਾਊਨ ਵਰਗਾ ਹੈ। ਉਹ ਕਹਿੰਦੇ ਹਨ ਕਿ ਗੁੰਬਦ ਵੱਖਰੇ ਹਨ।

ਪਰ ਤਾਜਪੋਸ਼ੀ ਲਈ ਸੇਂਟ ਐਡਵਰਡ ਦੇ ਤਾਜ ਦੀ ਮਹੱਤਤਾ ਕਾਇਮ ਹੈ।

ਸੇਂਟ ਐਡਵਰਡ ਦਾ ਤਾਜ ਖਾਸ ਹੈ ਕਿਉਂਕਿ ਇਹ ਰਾਜਸ਼ਾਹੀ ਦੇ ਲਚਕੀਲੇਪਣ ਅਤੇ ਨਿਰੰਤਰਤਾ ਦੋਵਾਂ ਨੂੰ ਦਰਸਾਉਂਦਾ ਹੈ।

ਟਰੇਸੀ ਬੋਰਮਨ, ਇਤਿਹਾਸਕਾਰ ਅਤੇ ਲੇਖਕ

ਕ੍ਰਾਊਨ ਐਂਡ ਸੈਪਟਰ: ਵਿਲੀਅਮ ਦਿ ਕੌਂਕਰਰ ਤੋਂ ਲੈ ਕੇ ਚਾਰਲਸ III ਤੱਕ ਬ੍ਰਿਟਿਸ਼ ਰਾਜਸ਼ਾਹੀ ਦਾ ਨਵਾਂ ਇਤਿਹਾਸ" ਦੀ ਲੇਖਕ ਟਰੇਸੀ ਬੋਰਮਨ ਕਹਿੰਦੀ ਹੈ: 11ਵੀਂ ਸਦੀ ਦੇ ਰਾਜੇ, ਐਡਵਰਡ ਦਿ ਕਨਫੈਸਰ ਦੇ ਤਾਜ ਤੋਂ ਪ੍ਰੇਰਿਤ, ਤਾਜ ਇੱਕ ਸਪੱਸ਼ਟ ਸੰਦੇਸ਼ ਦਿੰਦਾ ਹੈ ਕਿ ਰਾਜਸ਼ਾਹੀ ਇੱਕ ਪ੍ਰਾਚੀਨ ਸੰਸਥਾ ਹੈ - ਅਤੇ ਇਹ ਇੱਥੇ ਬਰਕਰਾਰ ਰਹੇਗੀ।’’

ਇਸ ਲਈ, 6 ਮਈ ਨੂੰ ਹੋਣ ਵਾਲੀ ਤਾਜਪੋਸ਼ੀ ਜਨਤਕ ਤੌਰ ’ਤੇ ਅਸਲੀ ਤਾਜ ਨੂੰ ਦੇਖਣ ਦਾ ਇੱਕ ਦੁਰਲੱਭ ਮੌਕਾ ਹੋਵੇਗਾ।

ਉਸ ਤੋਂ ਬਾਅਦ, ਸੇਂਟ ਐਡਵਰਡ ਦਾ ਤਾਜ ਅਗਲੇ ਰਾਜੇ ਦੀ ਉਡੀਕ ਕਰਨ ਲਈ ਇੱਕ ਵਾਰ ਫਿਰ ਟਾਵਰ ਵਿੱਚ ਵਾਪਸ ਆ ਜਾਵੇਗਾ।